ਗਉੜੀ ਗੁਆਰੇਰੀ ਮਹਲਾ ੫ ॥ ਸਤਿਗੁਰ ਦਰਸਨਿ ਅਗਨਿ ਨਿਵਾਰੀ ॥ ਭਾਗ ੯੨ || ਭਾਈ ਮਨਜੀਤ ਸਿੰਘ

Описание к видео ਗਉੜੀ ਗੁਆਰੇਰੀ ਮਹਲਾ ੫ ॥ ਸਤਿਗੁਰ ਦਰਸਨਿ ਅਗਨਿ ਨਿਵਾਰੀ ॥ ਭਾਗ ੯੨ || ਭਾਈ ਮਨਜੀਤ ਸਿੰਘ

ਗਉੜੀ ਗੁਆਰੇਰੀ ਮਹਲਾ ੫ ॥ ਸਤਿਗੁਰ ਦਰਸਨਿ ਅਗਨਿ ਨਿਵਾਰੀ ॥ ਸਤਿਗੁਰ ਭੇਟਤ ਹਉਮੈ ਮਾਰੀ ॥ ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥ ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥ ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥ ਸੰਤ ਪ੍ਰਸਾਦਿ ਜਪੈ ਹਰਿ ਨਾਉ ॥ ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥ ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥ ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥ ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥ ਸਾਧ ਰੇਣ ਮਜਨ ਸਭਿ ਧਰਮ ॥ ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥ ਸਾਧਾ ਮਹਿ ਇਹ ਹਮਰੀ ਜਿੰਦੁ ॥੩॥ ਕਿਰਪਾ ਨਿਧਿ ਕਿਰਪਾਲ ਧਿਆਵਉ ॥ ਸਾਧਸੰਗਿ ਤਾ ਬੈਠਣੁ ਪਾਵਉ ॥ ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥ ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥ {ਪੰਨਾ 183}

ਪਦ ਅਰਥ: ਸਤਿਗੁਰ ਦਰਸਨਿ = ਗੁਰੂ ਦੇ ਦਰਸ਼ਨ ਦੀ ਬਰਕਤਿ ਨਾਲ। ਅਗਨਿ = ਤ੍ਰਿਸ਼ਨਾ-ਅੱਗ। ਨਿਵਾਰੀ = ਦੂਰ ਕਰ ਲਈ। ਭੇਟਤ = ਮਿਲਿਆਂ। ਸੰਗਿ = ਸੰਗਤਿ ਵਿਚ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1।

ਸਾਚਾ = ਸਦਾ-ਥਿਰ (ਪ੍ਰਭੂ ਦਾ ਰੂਪ) । ਜਾ = ਜਦੋਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਸੀਤਲ = ਠੰਡੇ। ਸਾਤਿ = ਸ਼ਾਂਤੀ, ਠੰਢ। ਤੇ = ਤੋਂ, ਦੀ ਰਾਹੀਂ। ਜਾਤੇ = ਜਾਣ-ਪਾਛਣ ਪਾਈ।1। ਰਹਾਉ।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬੰਧਨ ਤੇ = ਬੰਧਨਾਂ ਤੋਂ।2।

ਤੇ = ਤੋਂ, ਨਾਲ। ਸਾਧ ਰੇਣ = ਗੁਰੂ ਦੇ ਚਰਨਾਂ ਦੀ ਧੂੜ। ਮਜਨ = ਮੱਜਨ, ਇਸ਼ਨਾਨ। ਸਭ = ਸਾਰੇ।3।

ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਧਿਆਵਉ = ਮੈਂ ਧਿਆਉਂਦਾ ਹਾਂ। ਤਾ = ਤਦੋਂ। ਬੈਠਣ ਪਾਵਉ = ਮੈਂ ਬੈਠਣਾ ਪ੍ਰਾਪਤ ਕਰਦਾ ਹਾਂ, ਮੇਰਾ ਜੀਅ ਲੱਗਦਾ ਹੈ। ਮੋਹਿ = ਮੈਨੂੰ। ਪ੍ਰਭਿ = ਪ੍ਰਭੂ ਨੇ।4।

ਅਰਥ: (ਹੇ ਭਾਈ!) ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ, ਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ।1। ਰਹਾਉ।

(ਹੇ ਭਾਈ!) ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ, ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ। ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ (ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ।1।

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ। (ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ।2।

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ। ਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ। (ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ। (ਹੇ ਭਾਈ!) ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ।3।

ਹੇ ਨਾਨਕ! (ਆਖ– ਹੇ ਭਾਈ!) ਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ, ਸਾਧ ਸੰਗਤਿ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ। ਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਸਾਧ-ਸੰਗਤਿ ਵਿਚ ਮੇਰਾ ਜੀਅ ਪਰਚਦਾ ਹੈ।4। 22। 91।

Комментарии

Информация по комментариям в разработке