Dr. Surjit Patar ji sang his beautiful poem during his New Zealand visit in 2009. Video by HSBasiala

Описание к видео Dr. Surjit Patar ji sang his beautiful poem during his New Zealand visit in 2009. Video by HSBasiala

ਪੰਜਾਬੀ ਗ਼ਜ਼ਲ ਦਾ ਮਹਾਮਾਨਵ - ਸੁਰਜੀਤ ਪਾਤਰ
ਪੰਜਾਬੀ ਗ਼ਜ਼ਲ ਅਤੇ ਕਾਵਿ ਜਗਤ ਦੇ ਮਹਾਮਾਨਵ ਅਤੇ ਮਕਬੂਲ ਸ਼ਾਇਰ ਡਾ. ਸੁਰਜੀਤ ਪਾਤਰ ਮਈ ਮਹੀਨੇ ਦੀ ਗਿਆਰਾਂ ਤਾਰੀਖ਼ ਨੂੰ ਚੜ੍ਹਦੀ ਸਵੇਰ ਪਰਵਾਜ਼ ਕਰ ਗਏ ਹਨ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਥੇ ਪੰਜਾਬੀ ਗ਼ਜ਼ਲ ਅਤੇ ਕਾਵਿ ਜਗਤ ਇੱਕ ਮਹਾਨ ਸ਼ਾਇਰ ਦੀਆਂ ਸੇਵਾਵਾਂ ਤੋਂ ਵਿਰਵਾ ਹੋ ਗਿਆ ਹੈ। ਪੰਜਾਬੀ ਗ਼ਜ਼ਲ ਅਤੇ ਕਵਿਤਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸ਼ਨਾਖਤ ਦਿਵਾਉਣ ਵਿੱਚ ਡਾ. ਸੁਰਜੀਤ ਪਾਤਰ ਨੇ ਜੋ ਯੋਗਦਾਨ ਪਾਇਆ ਉਹ ਜੱਗ ਜਾਹਿਰ ਹੈ। ਜਦੋਂ ਕਿਸੇ ਕਵੀ ਦੀਆਂ ਗ਼ਜ਼ਲਾਂ ਜਾਂ ਕਵਿਤਾਵਾਂ ਦੇ ਸ਼ਿਅਰ ਜਾਂ ਲਾਈਨਾਂ ਪਾਠਕਾਂ ਜਾਂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਣ ਤਾਂ ਉੱਥੋਂ ਕਵੀ ਦੀ ਪ੍ਰਮਾਣਿਕਤਾ ਦਾ ਪਤਾ ਲੱਗਦਾ ਹੈ। ਡਾ. ਸੁਰਜੀਤ ਪਾਤਰ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਦੇ ਸ਼ਿਅਰ ਅਜਿਹੇ ਹਨ ਜਿਹੜੇ ਲੋਕਗੀਤਾਂ ਵਾਂਗ ਪਾਠਕਾਂ ਦੀਆਂ ਸਿਮ੍ਰਤੀਆਂ ਵਿੱਚ ਹਮੇਸ਼ਾ ਲਈ ਵਸ ਗਏ ਹਨ। ਪੰਜਾਬੀ ਗ਼ਜ਼ਲ ਅਤੇ ਕਾਵਿ ਜਗਤ ਵਿੱਚ ਜਿੰਨਾ ਪਿਆਰ, ਸਤਿਕਾਰ ਅਤੇ ਸ਼ੋਭਾ ਡਾ. ਸੁਰਜੀਤ ਪਾਤਰ ਨੂੰ ਨਸੀਬ ਹੋਈ, ਉਹ ਸ਼ਾਇਦ ਹੋਰ ਕਿਸੇ ਸਮਕਾਲੀ ਸ਼ਾਇਰ ਦੇ ਹਿੱਸੇ ਨਹੀਂ ਆਈ-
ਮੈਨੂੰ ਡਾ. ਅੱਲਾਮਾ ਇਕਬਾਲ ਦੀਆਂ ਪ੍ਰਸਿੱਧ ਸਤਰਾਂ ਚੇਤੇ ਆਉਂਦੀਆਂ ਹਨ-
ਹਜ਼ਾਰੋਂ ਵਰਸ ਨਰਗਿਸ ਆਪਣੀ ਬੇ-ਨੂਰੀ ਪੇ ਰੋਤੀ ਹੈ
ਬੜੀ ਮੁਸ਼ਿਕਲ ਸੇ ਹੋਤਾ ਹੈ ਚਮਨ ਮੇਂ ਦੀਦਾ ਵਰ ਪੈਦਾ
ਸੱਚਮੁੱਚ ਡਾ. ਪਾਤਰ ਵਰਗੇ ਦੀਦਾ ਵਰ ਅਰਥਾਤ ਤੀਖਣ ਦ੍ਰਿਸ਼ਟੀ ਅਤੇ ਸੂਖਮ ਅਨੁਭੂਤੀ ਵਾਲੇ ਇਨਸਾਨ ਨਿਤ-ਨਿਤ ਪੈਦਾ ਨਹੀਂ ਹੁੰਦੇ। ਅਜਿਹੇ ਮਹਾਮਾਨਵਾਂ ਦਾ ਸੰਸਾਰ ਤੋਂ ਰੁਖਸਤ ਹੋ ਜਾਣਾ ਪਿੱਛੇ ਰਹਿ ਗਿਆਂ ਨੂੰ ਅਸਹਿਜ ਕਰ ਦਿੰਦਾ ਹੈ।
ਗਿਆਰਾਂ ਮਈ ਦੀ ਸਵੇਰ ਡਾ.ਪਾਤਰ ਅਛੋਪਲੇ ਚਲੇ ਗਏ, ਕੋਈ ਵੀ ਯਕੀਨ ਨਹੀਂ ਸੀ ਕਰ ਰਿਹਾ। ਹਰ ਕੋਈ ਦੂਸਰੇ ਤੋਂ ਤਸਦੀਕ ਕਰ ਰਿਹਾ ਸੀ। ਮੁਹਤਵਰਾਂ ਦੀਆਂ ਸੋਸਲ ਮੀਡੀਆ ’ਤੇ ਆਈਆਂ ਟਿੱਪਣੀਆਂ ਨੇ ਪ੍ਰਮਾਣਿਤ ਕੀਤਾ। ਸੱਚਮੁੱਚ ਡਾ. ਪਾਤਰ ਪ੍ਰਵਾਜ਼ ਕਰ ਗਏ , ਹਰ ਅੱਖ ਨਮ ਹੋਈ । ਪ੍ਰਸਿੱਧ ਸ਼ਾਇਰ ਬਸੀਰ ਬਦਰ ਦੀਆਂ ਇਹ ਲਾਈਨਾਂ ਮੇਰੇ ਜ਼ਿਹਨ ਵਿੱਚ ਘੁੰਮ ਰਹੀਆਂ ਸਨ-
ਆਸਮਾਂ ਭਰ ਗਿਆ ਪਰਿੰਦੋਂ ਸੇ, ਪੇੜ ਕੋਈ ਬੜਾ ਗਿਰਾ ਹੋਗਾ,
ਕਿਤਨਾ ਦੁਸ਼ਵਾਰ ਥਾ ਸਫ਼ਰ ਉਸ ਕਾ ਵੋ ਸਰ ਏ ਸ਼ਾਮ ਸੋ ਗਿਆ ਹੋਗਾ।
ਫਿਰ ਮੇਰੇ ਮਨ ਵਿੱਚ ਡਾ. ਪਾਤਰ ਵਲੋਂ ਆਪਣੀ ਪਹਿਲੀ ਪੁਸਤਕ ‘ ਹਵਾ ਵਿੱਚ ਲਿਖੇ ਹਰਫ਼’ ਵਿੱਚ ਕੀਤੀ ਪੇਸ਼ੀਨਗੋਈ ਚੇਤੇ ਆਈ-
ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ
ਡਾ. ਪਾਤਰ ਪਾਣੀ ਤੇ ਲੀਕ ਵਾਂਗ ਅਦਿੱਖ ਹੋ ਗਏ, ਪੰਜਾਬੀ ਪਿਆਰਿਆਂ ਲਈ ਇਹ ਵਿਛੋੜਾ ਅਸਹਿ ਹੈ, ਪਰ ਡਾ. ਪਾਤਰ ਨੇ ਆਪਣੀਆਂ ਲਿਖਤਾਂ ਵਿੱਚ ਆਪ ਹੀ ਉਪਦੇਸ਼ਿਆ ਸੀ-
ਜਦੋਂ ਤੱਕ ਸ਼ਬਦ ਜਿਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ
ਜੋ ਸਿਵਿਆਂ ਵਿੱਚ ਸੁਆਹ ਹੁੰਦੇ, ਉਹ ਕੇਵਲ ਜਿਸਮ ਹੁੰਦੇ ਨੇ
ਡਾ. ਪਾਤਰ ਦੇ ਇਹ ਲਫ਼ਜ ਸਾਡੀ ਢਾਰਸ ਬਣਾਉਂਦੇ ਹਨ, ਭਾਵੇਂ ਡਾ. ਪਾਤਰ ਅੱਜ ਸਾਡੇ ਵਿੱਚ ਮੌਜੂਦ ਨਹੀਂ ਪ੍ਰੰਤੂ ਸ਼ਬਦਾਂ ਜਰੀਏ ਉਹ ਹਮੇਸ਼ਾ ਸਾਡੇ ਚੇਤਿਆਂ ਵਿੱਚ ਰਹਿਣਗੇ।
ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ 14 ਜਨਵਰੀ 1945 ਈ. ਨੂੰ ਪੈਦਾ ਹੋਇਆ ਸੁਰਜੀਤ ਸ਼ੁਰੂਆਤੀ ਸਮੇਂ ਵਿੱਚ ਆਪਣਾ ਸਾਹਿਤਕ ਨਾਂ ਸੁਰਜੀਤਮ ਲਿਖਦਾ ਰਿਹਾ। ਫਿਰ ਸਵਰਜੀਤ ਤੇ ਨਵਸੁਰਜੀਤ ਨਾਂ ਹੇਠ ਵੀ ਛਪਦਾ ਰਿਹਾ। ‘ਸੁਰਜੀਤਮ’ ਨਾਂ ਹੇਠ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਰਸਾਲੇ ਨਾਗਮਣੀ ਵਿੱਚ ਕੁਝ ਕਵਿਤਾਵਾਂ ਵੀ ਪ੍ਰਕਾਸ਼ਿਤ ਕੀਤੀਆਂ। ਉਹਨਾਂ ਦੇ ਕਾਲਜ ਦੀ ਗਰੁੱਪ ਫੋਟੋ ਵਿੱਚ ਉਹਨਾਂ ਦਾ ਨਾਂ ‘ਨਵਸੁਰਜੀਤ’ ਹੀ ਲਿਖਿਆ ਹੋਇਆ ਹੈ। ਪ੍ਰੰਤੂ ਬਾਅਦ ਵਿੱਚ ਉਹ ਆਪਣੇ ਨਾਂ ਨਾਲ ਪੱਕੇ ਤੌਰ ਤੇ ਸੁਰਜੀਤ ਪਾਤਰ ਹੀ ਲਿਖਣ ਲੱਗ ਪਏ ਸਨ। ਇਸ ਨਾਂ ਪਿੱਛੇ ਵੀ ਇੱਕ ਕਿੱਸਾ ਹੈ ਜਿਹੜਾ ਉਹ ਸਾਹਿਤਕ ਸਮਾਗਮਾਂ ਵਿੱਚ ਕਈ ਵਾਰ ਬਿਆਨ ਵੀ ਕਰਦੇ ਸਨ।
ਡਾ. ਪਾਤਰ ਨੇ 1960 ਵਿਆਂ ਦੇ ਦੌਰਾਨ ਵੱਖ-ਵੱਖ ਰਸਾਲਿਆਂ ਅਤੇ ਪੱਤਰਕਾਵਾਂ ਵਿੱਚ ਆਪਣੀਆਂ ਗ਼ਜ਼ਲਾਂ ਤੇ ਕਵਿਤਾਵਾਂ ਪ੍ਰਕਾਸ਼ਿਤ ਕਰਵਾਉਣੀਆਂ ਸ਼ੁਰੂ ਕੀਤੀਆਂ। ਆਪਣੀ ਪ੍ਰਥਮ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਹੀ ਉਹ ਪੰਜਾਬੀ ਗ਼ਜ਼ਲ ਅਤੇ ਕਾਵਿ ਸਾਹਿਤ ਵਿੱਚ ਇੱਕ ਚਰਚਿਤ ਨਾਂ ਬਣ ਗਿਆ ਸੀ। ਸਾਲ 1979 ਵਿੱਚ ਗ਼ਜ਼ਲਾਂ ਦੀ ਪਹਿਲੀ ਪੁਸਤਕ ‘ਹਵਾ ਵਿੱਚ ਲਿਖੇ ਹਰਫ਼’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦੇ ਸ਼ੁਰੂ ਵਿੱਚ ‘ਇੱਕ ਪ੍ਰਤੀਕਰਮ’ ਸਿਰਲੇਖ ਅਧੀਨ ਵਿਖੇ ਕੁਝ ਪੰਨਿਆਂ ਵਿੱਚ ਡਾ.ਕਰਮਜੀਤ ਸਿੰਘ ਨੇ ਇੱਕ ਥਾਂ ਲਿਖਿਆ ਸੀ, ਸੁਰਜੀਤ ਪਾਤਰ ਦੇ ਅਨੇਕਾਂ ਸ਼ਿਅਰਾਂ ਵਿੱਚ ਧਰਤੀ ਦੀ ਕੁੱਖ ਵਿਚੋਂ ਉਦੈ ਹੋਏ ਲੋਕ ਗੀਤਾਂ ਵਰਗੀ ਸਹਿਜ ਸਾਦਗੀ ਹੈ ਜੋ ਅਚੇਤ ਹੀ ਰੂਹ ਦੀਆਂ ਡੂੰਘਈਆਂ ਵਿੱਚ ਲਹਿ ਜਾਂਦੀ ਹੈ। ਏਸੇ ਪ੍ਰਤੀਕਰਮ ਰੂਪੀ ਭੂਮਿਕਾ ਦੀਆਂ ਅੰਤਲੀਆਂ ਲਾਈਨਾਂ ਵਿੱਚ ਉਹਨਾਂ ਨੇ ਲਿਖਿਆ ਸੀ, ਸੁਰਜੀਤ ਪਾਤਰ ਪਿਛਲੇ ਦਹਾਕੇ ਦੀ ਪੰਜਾਬੀ ਗ਼ਜ਼ਲ ਬਲਕਿ ਸਮੁੱਚੀ ਕਵਿਤਾ ਦੀ ਮੁੱਲਵਾਨ ਪ੍ਰਾਪਤੀ ਹੈ। ਸ਼ੁਭਾਵਕ ਹੀ ਇਸ ਪ੍ਰਾਪਤੀ ਦਾ ਕੁੱਖ ਵਿੱਚ ਆਧੁਨਿਕ ਪੰਜਾਬੀ ਕਵਿਤਾ ਦੇ ਭਵਿੱਖ ਦੀਆਂ ਸਹੰਸਰਾਂ ਸੰਭਾਵਨਾਵਾਂ ਦੇ ਨਕਸ ਝਲਕਦੇ ਦਿਖਾਈ ਦਿੰਦੇ ਹਨ। “ਇਹ ਭਵਿੱਖਬਾਣੀ ਸਤ-ਪ੍ਰਤੀਸ਼ਤ ਸਹੀ ਸਾਬਤ ਹੋਈ। ਇਹੋ ਜਿਹਾ ਪ੍ਰਭਾਵ ਵਰਿਆਮ ਸਿੰਘ ਸੰਧੂ ਵਿਅਕਤ ਕਰਦਿਆਂ ਲਿਖਦਾ ਹੈ, ‘ਜਦੋਂ ਹਵਾ ਵਿੱਚ ਲਿਖੇ ਹਰਫ਼’ ਛਪ ਕੇ ਸਾਹਮਣੇ ਆਈ ਤਾਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਇੱਕ ਤਹਿਲਕਾ ਜਿਹਾ ਮੱਚ ਗਿਆ । ਹਰ ਪਾਸੇ ਪਾਤਰ-ਪਾਤਰ ਹੋ ਗਈ ਸੀ। ਉਸ ਵੇਲੇ ਵਰਿਆਮ ਸੰਧੂ ਨੇ ਲਿਖਿਆ ਸੀ, ਜਿੱਥੇ ਉਰਦੂ ਵਾਲਿਆਂ ਕੋਲ ਮੀਰ, ਗਾਲਿਬ ਅਤੇ ਫ਼ੈਜ ਹਨ ਤੇ ਹਿੰਦੀ ਵਾਲਿਆਂ ਕੋਲ ਦੁਸ਼ਿਅੰਤ ਕੁਮਾਰ ਹੈ, ਹੁਣ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਵੀ ਸੁਰਜੀਤ ਪਾਤਰ ਹੈ”। ਵਰਿਆਮ ਸੰਧੂ ਅੱਗੇ ਲਿਖਦੈ, ਇੱਕ ਸਮਾਂ ਸੀ ਜਦੋਂ ਭਾਸ਼ਣ ਕਰਨ ਵਾਲੇਨਾਮਵਰ ਬੁਲਾਰੇ ਆਪਣੇ ਭਾਸ਼ਣ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਰਦੂ-ਫ਼ਾਰਸੀ ਦੇ ਸ਼ਿਅਰ ਬੋਲਿਆ ਕਰਦੇ ਸਨ ਪ੍ਰੰਤੂ ਮੌਜੂਦਾ ਦੌਰ ਤੇ ਵੱਡੇ-ਵੱਡੇ ਬੁਲਾਰੇ ਆਪਣੇ ਭਾਵਾਂ ਦੀ ਪੁਖਤਗੀ ਲਈ ਡਾ. ਸੁਰਜੀਤ ਪਾਤਰ ਦੇ ਸ਼ਿਆਰਾਂ ਨੂੰ ਕੋਟ ਕਰਦੇ ਹਨ। ਵਾਰਸ਼ ਸਾਹ ਅਤੇ ਸ਼ਿਵ ਕੁਮਾਰ ਬਟਾਲਵੀ ਤੋਂ ਬਾਦ ਅਜਿਹੀ ਪ੍ਰਮਾਣਿਕਤਾ ਡਾ. ਸੁਰਜੀਤ ਪਾਤਰ ਹੋਰਾਂ ਨੂੰ ਨਸੀਬ ਹੋਈ।
ਡਾ. ਪਾਤਰ ਦਾ ਸਿਰਜਨਾ ਅਮਲ ਬਹੁਤ ਹੀ ਸਹਿਜ ਅਤੇ ਨਿਰਉਚੇਚ ਸੀ। ਉਹ ਕਿਸੇ ਗ਼ਜ਼ਲ ਜਾਂ ਕਵਿਤਾ ਦੇ ਲੇਖਣ ਲਈ ਆਪਣੇ ਦਿਮਾਗ ਤੇ ਵਧੇਰੇ ਜ਼ੋਰ ਨਹੀਂ ਸਨ ਦਿੰਦੇ ਬਲਕਿ ਰੋਜ਼ਾਨਾ ਜ਼ਿੰਦਗੀ ਦੇ ਤਰਜ਼ੇ- ਅਮਲ ਵਿੱਚੋਂ ਖੁਦ-ਬ-ਖੁਦ ਖਿਆਲ ਉਡਾਰੀਆਂ ਸੁਭਾਵਕ ਰੂਪ ਵਿੱਚ ਉਸ ਨੂੰ ਆਹੁੜਦੀਆਂ ਸਨ। ਆਪਣੀ ਬਹੁਤ ਹੀ ਮਕਬੂਲ ਗ਼ਜ਼ਲ , “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਦੇ ਸਿਰਜਨਾਤਮਕ ਅਮਲ ਸਬੰਧੀ ਉਹਨਾਂ ਇੱਕ ਵਾਰੀ ਖੁਦ ਦੱਸਿਆ ਸੀ ਕਿ ਮੈਂ ਲੁਧਿਆਣੇ ਲੱਕੜ ਦੇ ਪੁਲ ਤੋਂ ਉਤਰ ਕੇ ਕਚਹਿਰੀ ਦੇ ਅਹਾਤੇ ਵਿਚੋਂ ਲੰਘ ਰਿਹਾ ਸੀ ਤਾਂ ਕਿ ਸੜਕ ਦੇ ਭੀੜ-ਭੜੱਕੇ ਤੋਂ ਬਚਿਆ ਜਾ ਸਕੇ। ਕਚਿਹਰੀ ਬੰਦ ਹੋ ਚੁੱਕੀ ਸੀ। ਜੱਜ, ਵਕੀਲ, ਮੁਵੱਕਲ ਸਭ ਘਰਾਂ ਨੂੰ ਜਾ ਚੁੱਕੇ ਸਨ। ਸਿਰ ਵਕੀਲਾਂ ਦੇ ਬੰਦ ਖੋਖੇ ਸਨ ਤੇ ਕੁਝ ਦਰੱਖਤ ਨਿੰਮ, ਟਾਹਲੀ, ਸਰੀਂਹ ਤੇ ਕੁਝ ਸੁੱਕੇ ਹੋਏ। ਮੈਨੂੰ ਅਚਨਚੇਤ ਲੱਗਾ ਜਿਵੇਂ ਇਹ ਦਰੱਖਤ ਨਾ ਹੋਣ, ਉਹ ਲੋਕ ਹੋਣ ਜੋ ਏਥੇ ਇਨਸਾਫ਼ ਲੈਣ ਆਏ ਹੋਣ ਤੇ ਏਥੇ ਉਡੀਕਦੇ ਉਡੀਕਦੇ ਬਿਰਖ ਬਣ ਗਏ ਹੋਣ, ਮੇਰੇ ਦਿਲ ਚੋਂ ਇਹ ਸ਼ਬਦ ਨਿਕਲੇ-ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ- ਡਾ. ਹਰਨੇਕ ਸਿੰਘ ਢੋਟ

Комментарии

Информация по комментариям в разработке